ਸ਼ਿਵ ਕੁਮਾਰ ਬਟਾਲਵੀ ਕਵਿਤਾ–ਧਰਮੀ ਬਾਬਲਾ

ਜਦ ਪੈਣ ਕਪਾਹੀਂ ਫੁੱਲ

ਵੇ ਧਰਮੀ ਬਾਬਲਾ !

ਸਾਨੂੰ ਉਹ ਰੁੱਤ ਲੈ ਦਈਂ ਮੁੱਲ

ਵੇ ਧਰਮੀ ਬਾਬਲਾ !

 

ਇਸੇ ਰੁੱਤੇ ਮੇਰਾ ਗੀਤ ਗਵਾਚਾ

ਜਿਦ੍ਹੇ ਗਲ ਬਿਰਹੋਂ ਦੀ ਗਾਨੀ

ਮੁੱਖ ਤੇ ਕਿੱਲ ਗ਼ਮਾਂ ਦੇ-

ਨੈਣੀ ਉੱਜੜੇ ਖੂਹ ਦਾ ਪਾਣੀ

ਗੀਤ ਕਿ ਜਿਸ ਨੂੰ ਹੋਂਠ ਛੁਹਾਇਆਂ

ਜਾਏ ਕਥੂਰੀ ਹੁੱਲ,

ਵੇ ਧਰਮੀ ਬਾਬਲਾ !

ਸਾਨੂੰ ਗੀਤ ਉਹ ਲੈ ਦਈਂ ਮੁੱਲ

ਵੇ ਧਰਮੀ ਬਾਬਲਾ !

 

ਇਕ ਦਿਨ ਮੈਂ ਤੇ ਗੀਤ ਮੇਰੇ

ਇਸ ਟੂਣੇ-ਹਾਰੀ ਰੁੱਤੇ

ਦਿਲਾਂ ਦੀ ਧਰਤੀ ਵਾਹੀ ਗੋਡੀ

ਬੀਜੇ ਸੁਪਨੇ ਸੁੱਚੇ,

ਲੱਖ ਨੈਣਾਂ ਦੇ ਪਾਣੀ ਸਿੰਜੇ

ਪਰ ਨਾ ਲੱਗੇ ਫੁੱਲ

ਵੇ ਧਰਮੀ ਬਾਬਲਾ !

ਸਾਨੂੰ ਇਕ ਫੁੱਲ ਲੈ ਦਈਂ ਮੁੱਲ

ਵੇ ਧਰਮੀ ਬਾਬਲਾ !

 

ਕਿਹੜੇ ਕੰਮ ਇਹ ਮਿਲਖ਼ ਜਗੀਰਾਂ

ਜੇ ਧੀਆਂ ਕੁਮਲਾਈਆਂ

ਕਿਹੜੇ ਕੰਮ ਤੇਰੇ ਮਾਨ ਸਰੋਵਰ

ਹੰਸਣੀਆਂ ਤਿਰਹਾਈਆਂ

ਕਿਹੜੇ ਕੰਮ ਖਿਲਾਰੀ ਤੇਰੀ

ਚੋਗ ਮੋਤੀਆਂ ਤੁੱਲ-

ਵੇ ਧਰਮੀ ਬਾਬਲਾ !

ਜੇ ਰੁੱਤ ਨਾ ਲੈ ਦਏਂ ਮੁੱਲ

ਵੇ ਧਰਮੀ ਬਾਬਲਾ !

ਜਦ ਪੈਣ ਕਪਾਹੀਂ ਫੁੱਲ

ਵੇ ਧਰਮੀ ਬਾਬਲਾ !

Leave a Reply

This site uses Akismet to reduce spam. Learn how your comment data is processed.