ਬੁੱਲੇ ਸ਼ਾਹ ਦੀਆਂ ਕਾਫੀਆਂ–ਹੁਣ ਕਿਸ ਥੀਂ ਆਪ ਛੁਪਾਈਦਾ

ਹੁਣ ਕਿਸ ਥੀਂ ਆਪ ਛੁਪਾਈਦਾ । ਟੇਕ ।

ਕਿਤੇ ਮੁੱਲਾਂ ਹੋ ਬੁਲੇਂਦੇ ਹੋ, ਕਿਤੇ ਸੁੰਨਤ ਫ਼ਰਜ਼ ਦੱਸੇਂਦੇ ਹੋ ।

ਕਿਤੇ ਰਾਮ ਦੁਹਾਈ ਦੇਂਦੇ ਹੋ, ਕਿਤੇ ਮੱਥੇ ਤਿਲਕ ਲਗਾਈਦਾ ।

ਮੈਂ ਮੇਰੀ ਹੈ ਕਿ ਤੇਰੀ ਹੈ, ਇਹ ਅੰਤ ਭਸਮ ਦੀ ਢੇਰੀ ਹੈ ।

ਇਹ ਢੇਰੀ ਪੀਆ ਨੇ ਘੇਰੀ ਹੈ, ਢੇਰੀ ਨੂੰ ਨਾਚ ਨਚਾਈਦਾ ।

ਕਿਤੇ ਬੇਸਿਰ ਚੂੜਾ ਪਾਓਗੇ, ਕਿਤੇ ਜੋੜਾ ਸ਼ਾਨ ਹੰਢਾਓਗੇ  ।

ਕਿਤੇ ਆਦਮ ਹੱਵਾ ਬਣ ਆਓਗੇ, ਕਦੀ ਮੈਥੋਂ ਵੀ ਭੁੱਲ ਜਾਈਦਾ ।

ਬਾਹਰ ਜਾਹਰ ਡੇਰਾ ਪਾਇਉ, ਆਪੇ ਡੌਂ ਡੌਂ ਢੋਲ ਬਜਾਇਉ  ।

ਜਗ ਤੇ ਆਪਣਾ ਆਪ ਜਤਾਯੋ, ਫਿਰ ਅਬਦੁੱਲਾ ਦੇ ਘਰ ਧਾਈਦਾ ।

ਜੋ ਭਾਲ ਤੁਸਾਡੀ ਕਰਦਾ ਹੈ, ਮੋਇਆਂ ਤੋਂ ਅੱਗੇ ਮਰਦਾ ਹੈ ।

ਉਹ ਮੋਇਆਂ ਵੀ ਤੈਥੋਂ ਡਰਦਾ ਹੈ, ਮਤ ਮੋਇਆਂ ਨੂੰ  ਮਾਰ ਕੁਹਾਈਦਾ ।

ਬਿੰਦਰਾਬਨ ਮੇਂ ਗਊਆਂ ਚਰਾਵੇਂ, ਲੰਕਾ ਚੜ੍ਹ ਕੇ ਨਾਦ ਵਜਾਵੇਂ ।

ਮੱਕੇ ਦਾ ਬਣ ਹਾਜੀ ਆਵੇਂ, ਵਾਹ ਵਾਹ ਰੰਗ ਵਟਾਈਦਾ ।

ਮਨਸੂਰ ਤੁਸਾਂ ਤੇ ਆਇਆ ਏ, ਤੁਸਾਂ ਸੂਲੀ ਪਕੜ ਚੜ੍ਹਾਇਆ ਏ ।

ਮੇਰਾ ਭਾਈ ਬਾਬਲ ਜਾਇਆ ਏ, ਦਿਓ ਖੂਨ ਤੁਸੀਂ ਮੇਰੇ ਭਾਈ ਦਾ ।

ਤੁਸੀਂ ਸਭਨੀ ਭੇਸੀ ਥੀਂਦੇ ਹੋ, ਆਪੇ ਮਧ ਹੋ ਆਪੇ ਪੀਂਦੇ ਹੋ ।

ਮੈਨੂੰ ਹਰ ਜਾ ਤੁਸੀਂ ਤਸੀਂਦੇ ਹੋ, ਆਪੇ ਆਪ ਕੋ ਆਪ ਚੁਕਾਈਦਾ ।

ਹੁਣ ਪਾਸ ਤੁਸਾਡੇ ਵੱਸਾਂਗੀ, ਨਾ ਬੇਦਿਲ ਹੋ ਕੇ ਨੱਸਾਂਗੀ ।

ਸਭ ਭੇਤ ਤੁਸਾਡੇ ਦੱਸਾਂਗੀ, ਕਿਉਂ ਮੈਨੂੰ ਅੰਗ ਨਾ ਲਾਈਦਾ ।

ਵਾਹ ਜਿਸ ਪਰ ਕਰਮ ਅਵੇਹਾ ਹੈ, ਤਸਦੀਕ ਉਹ ਵੀ ਤੈਂ ਜੇਹਾ ਹੈ ।

ਸੱਚ ਸਹੀ ਰਵਾਇਤ ਏਹਾ ਹੈ, ਤੇਰੀ ਨਜ਼ਰ ਮਿਹਰ ਤਰ ਜਾਈਦਾ ।

ਵਿੱਚ ਭਾਂਬੜ ਬਾਗ਼ ਲਵਾਈਦਾ, ਜਿਹੜਾ ਵਿਚੋਂ ਆਪ ਖਵਾਈਦਾ ।

ਜਾਂ ਅਲਫੋਂ ਅਹਦ ਬਣਾਈਦਾ, ਤਾਂ ਬਾਤਨ ਕਿਆ ਬਤਲਾਈਦਾ ।

ਬੇਲੀ ਅੱਲਾ ਵਾਲੀ ਮਾਲਕ ਹੋ, ਤੁਸੀਂ ਆਪਣੇ ਆਪ ਸਾਲਕ ਹੋ ।

ਆਪੇ ਖ਼ਲਕਤ ਆਪੇ ਖਾਲਿਕ ਹੋ, ਆਪੇ ਅਮਰ ਮਅਰੂਫ਼ ਕਰਾਈਦਾ ।

ਕਿਧਰੇ ਚੋਰ ਤੇ ਕਿਧਰੇ ਕਾਜੀ ਹੋ, ਆਪੇ ਅਪਣਾ ਕਟਕ ਚੜ੍ਹਾਈਦਾ ।

ਆਪੇ ਯੂਸਫ਼ ਕੈਦ ਕਰਇਉ, ਯੂਨਸ ਮਛਲੀ ਤੋਂ ਨਿਗਲਾਇਉ ।

ਸਾਬਰ ਕੀੜੇ  ਘਤ ਬਹਾਇਉ, ਫੇਰ ਓਹਨਾਂ ਤਖ਼ਤ ਚੜ੍ਹਾਈਦਾ ।

ਬੁਲ੍ਹਾ ਸ਼ਹੁ ਹੁਣ ਸਹੀ ਸੰਵਾਤੇ ਹੋ, ਹਰ ਸੂਰਤ ਨਾਲ ਪਛਾਤੇ ਹੋ ।

ਕਿਤੇ  ਆਤੇ ਹੋ ਕਿਤੇ ਜਾਤੇ ਹੋ, ਹੁਣ ਮੈਥੋਂ ਭੁੱਲ ਨਾ ਜਾਈਦਾ ।

Leave a Reply

This site uses Akismet to reduce spam. Learn how your comment data is processed.