ਸ਼ਿਵ ਕੁਮਾਰ ਬਟਾਲਵੀ ਕਵਿਤਾ–ਲੂਣਾ

ਧਰਮੀ ਬਾਬਲ ਪਾਪ ਕਮਾਇਆ

ਲੜ ਲਾਇਆ ਸਾਡੇ ਫੁੱਲ ਕੁਮਲਾਇਆ

ਜਿਸ ਦਾ ਇੱਛਰਾਂ ਰੂਪ ਹੰਢਾਇਆ

ਮੈਂ ਪੂਰਨ ਦੀ ਮਾਂ ! ਪੂਰਨ ਦੇ ਹਾਣ ਦੀ !

 

ਮੈਂ ਉਸ ਤੋਂ ਇਕ ਚੁੰਮਣ ਵੱਡੀ

ਪਰ ਮੈਂ ਕੀਕਣ ਮਾਂ ਉਹਦੀ ਲੱਗੀ

ਉਹ ਮੇਰੀ ਗਰਭ ਜੂਨ ਨਾ ਆਇਆ

ਲੋਕਾ ਵੇ ਮੈਂ ਧੀ ਵਰਗੀ ਸਲਵਾਨ ਦੀ ।

 

ਪਿਤਾ ਜੇ ਧੀ ਦਾ ਰੂਪ ਹੰਢਾਵੇ

ਲੋਕਾ ਵੇ ਤੈਨੂੰ ਲਾਜ ਨਾ ਆਵੇ

ਜੋ ਲੂਣਾ ਪੂਰਨ ਨੂੰ ਚਾਹਵੇ

ਚਰਿਤ੍ਰ-ਹੀਣ ਕਵ੍ਹੇ ਕਿਉਂ ਜੀਭ ਜਹਾਨ ਦੀ ।

 

ਚਰਿਤ੍ਰ-ਹੀਣ ਤੇ ਤਾਂ ਕੋਈ ਆਖੇ

ਜੇ ਕਰ ਲੂਣਾ ਵੇਚੇ ਹਾਸੇ

ਪਰ ਜੇ ਹਾਣ ਨਾ ਲੱਭਣ ਮਾਪੇ

ਹਾਣ ਲੱਭਣ ਵਿਚ ਗੱਲ ਹੈ ਕੀ ਅਪਮਾਨ ਦੀ

 

ਲੂਣਾ ਹੋਵੇ ਤਾਂ ਅਪਰਾਧਣ

ਜੇਕਰ ਅੰਦਰੋਂ ਹੋਏ  ਸੁਹਾਗਣ

ਮਹਿਕ ਉਹਦੀ ਜੇ ਹੋਵੇ ਦਾਗਣ

ਮਹਿਕ ਮੇਰੀ ਤਾਂ  ਕੰਜਕ ਮੈਂ ਹੀ ਜਾਣਦੀ ।

 

ਜੋ ਸਲਵਾਨ ਮੇਰੇ ਲੜ ਲੱਗਾ

ਦਿਨ ਭਰ ਚੁੱਕ ਫਾਈਲ ਦਾ ਥੱਬਾ

ਸ਼ਹਿਰੋ ਸ਼ਹਿਰ ਰਵ੍ਹੇ ਨਿੱਤ ਭੱਜਾ

ਮਨ ਵਿਚ ਚੇਟਕ ਚਾਂਦੀ ਦੇ ਫੁੱਲ ਖਾਣ ਦੀ ।

 

ਚਿਰ ਹੋਇਆ ਉਹਦੀ ਇੱਛਰਾਂ ਮੋਈ

ਇਕ ਪੂਰਨ ਜੰਮ ਪੂਰਨ ਹੋਈ

ਉਹ ਪੂਰਨ ਨਾ ਜੋਗੀ ਕੋਈ

ਉਸ ਦੀ ਨਜ਼ਰ ਹੈ ਮੇਰਾ ਹਾਣ ਪਛਾਣਦੀ

ਹੋ ਚੱਲਿਆ ਹੈ ਆਥਣ ਵੇਲਾ

ਆਇਆ ਨਹੀਂ ਗੋਰਖ ਦਾ ਚੇਲਾ

ਦਫ਼ਤਰ ਤੋਂ ਅੱਜ ਘਰ ਅਲਬੇਲਾ

ਮੈਂ ਪਈ ਕਰਾਂ ਤਿਆਰੀ ਕੈਫੇ ਜਾਣ ਦੀ ।

 

ਧਰਮੀ ਬਾਬਲ ਪਾਪ ਕਮਾਇਆ

ਲੜ ਲਾਇਆ ਸਾਡੇ ਫੁੱਲ ਕੁਮਲਾਇਆ

ਜਿਸ ਦਾ ਇੱਛਰਾਂ ਰੂਪ ਹੰਢਾਇਆ

ਮੈਂ ਪੂਰਨ ਦੀ ਮਾਂ, ਪੂਰਨ ਦੇ ਹਾਣ ਦੀ ।

Leave a Reply

This site uses Akismet to reduce spam. Learn how your comment data is processed.