ਬੁੱਲੇ ਸ਼ਾਹ ਦੀਆਂ ਕਾਫੀਆਂ–ਤੋਬਾ ਨਾ ਕਰ ਯਾਰ

ਤੋਬਾ ਨਾ ਕਰ ਯਾਰ ਕੈਸੀ ਤੋਬਾ ਹੈ ।

ਨਿਤ ਪੜ੍ਹਦੇ ਇਸਤਗੁਫਾਰ ਕੈਸੀ ਤੋਬਾ ਹੈ

ਸਾਵੀ ਦੇ ਕੇ ਲਵੋ ਸਵਾਈ ।

ਡਿਉੱਢੀਆਂ ਤੇ ਬਾਜੀ ਲਾਈ ।

ਇਹ ਮੁਸਲਮਾਨੀ ਕਿੱਥੇ ਪਾਈ ।

ਇਹ ਤੁਹਾਡੀ ਕਿਰਦਾਰ ਕੈਸੀ ਤੋਬਾ ਹੈ ।

ਜਿੱਥੇ ਨਾ ਜਾਣਾ ਤੂੰ ਓਥੇ ਜਾਈ ।

ਹੱਕ ਬੇਗਾਨਾ ਮੁੱਕਰ ਜਾਂਦੇ ।

ਕੂੜ ਕਿਤਾਬਾਂ ਸਿਰ ਤੇ ਗਏਂ ।

ਇਹ ਤੇਰਾ ਇਤਬਾਰ ਕੈਸੀ ਤੋਬਾ ਹੈ ।

ਮੂੰਹੋਂ ਤੋਬਾ ਦਿਲੋਂ ਨਾ ਕਰਦਾ ।

ਨਾਹੀਂ ਖੋਂਫ ਖੁਦਾ ਦੇ ਧਰਦਾ ।

ਇਸ ਤੋਬਾ ਥੀਂ ਤੋਬਾ ਕਰੀਏ

ਤਾਂ ਬਖਸ਼ੇ ਗੱਫਾਰ ਕੈਸੀ ਤੋਬਾ ਹੈ ।

ਤੋਬਾ ਨਾ ਕਰ ਯਾਰ……

ਬੁੱਲਾ ਸ਼ਹੁ ਦੀ ਸੁਣੇ ਹਕਾਇਤ

ਹਾਦੀ ਪਕੜਿਆ ਹੋਈ ਹਦਾਇਤ

ਮੇਰਾ ਮੁਰਸ਼ਦ ਸ਼ਾਹ ਅਨਾਇਤ

ਉਹ ਲੰਘਾਏ ਪਾਰ ਕੈਸੀ ਤੋਬਾ ਹੈ

ਤੋਬਾ ਨਾ ਕਰ ਯਾਰ ਕੈਸੀ ਤੋਬਾ ਹੈ ।

ਨਿਤ ਪੜ੍ਹਦੇ ਇਸਤਗੁਫਾਰ ਕੈਸੀ ਤੋਬਾ ਹੈ ।

Leave a Reply

This site uses Akismet to reduce spam. Learn how your comment data is processed.