ਬੁੱਲੇ ਸ਼ਾਹ ਦੀਆਂ ਕਾਫੀਆਂ–ਕਰ ਕੱਤਣ ਵਲ ਧਿਆਨ ਕੁੜੇ

ਕਰ ਕੱਤਣ ਵੱਲ ਧਿਆਨ ਕੁੜੇ । ਟੇਕ ।

ਨਿਤ ਮੱਤੀਂ ਦੇਂਦੀ ਮਾਂ ਧੀਆ, ਕਿਉਂ ਫਿਰਨੀ ਏਂ ਐਂਵੇਂ ਆ ਧੀਆ ।

ਨੀ ਸ਼ਰਮ ਹ੍ਯਾ ਨਾ ਗਵਾ ਧੀਆ, ਤੂੰ ਕਦੀ ਤਾਂ ਸਮਝ ਨਦਾਨ ਕੁੜੇ ।

ਨਹੀਉਂ ਕਦਰ ਮਿਹਨਤ ਦਾ ਪਾਇਆ, ਜਦ ਹੋਇਆ ਕੰਮ ਅਸਾਨ ਕੁੜੇ ।

ਚਰਖਾ ਮੁਫ਼ਤ ਤੇਰੇ ਹੱਥ ਆਇਆ, ਪੱਲਿਉਂ ਨਹੀਉਂ ਕੁਝ ਗਵਾਇਆ ।

ਚਰਖਾ ਬਣਿਆ ਖਾਤਰ ਤੇਰੀ, ਖੇਡਣ ਦੀ ਕਰ ਹਿਰਸ ਥੁਰੇੜੀ ।

ਹੋਣਾ ਨਹੀਉਂ ਹੋਰ ਵਡੇਰੀ, ਮਤ ਕਰ ਕੋਈ ਅਗਿਆਨ ਕੁੜੇ ।

ਚਰਖਾ ਤੇਰਾ ਰੰਗ ਰੰਗੀਲਾ, ਰੀਸ ਕਰੇਂਦਾ ਸਭ ਕਬੀਲਾ ।

ਚਲਦੇ ਚਾਰੇ ਕਰ ਲੈ ਹੀਲਾ, ਹੋ ਘਰ ਦੇ ਵਿਚ ਅਵਾਦਾਨ ਕੁੜੇ ।

ਇਸ ਚਰਖੇ ਦੀ ਕੀਮਤ ਭਾਰੀ, ਤੂੰ ਕੀ ਜਾਣੇਂ ਕਦਰ ਵਗਾਰੀ ।

ਉੱਚੀ ਨਜ਼ਰ ਫਿਰੇਂ ਹੰਕਾਰੀ, ਵਿਚ ਆਪਣੀ ਸ਼ਾਨ ਗੁਮਾਨ ਕੁੜੇ ।

ਮੈਂ ਕੂਕਾਂ ਕਰ ਖਲੀਆਂ ਬਾਹੀਂ, ਨਾ ਹੋ ਗਾਫ਼ਲ ਸਮਝ ਕਦਾਈ ।

ਐਸਾ ਚਰਖਾ ਘੜਨਾ ਨਾਹੀਂ, ਫੇਰ ਕਿਸੇ ਤਰਖਾਣ ਕੁੜੇ ।

ਇਹ ਚਰਖਾ ਤੂੰ ਕਿਉਂ ਗਵਾਯਾ, ਕਿਉਂ ਤੂੰ ਖੇਹ ਦੇ ਵਿਚ ਰੁਲਾਯਾ ।

ਜਦ ਦਾ ਹੱਥ ਤੇਰੇ ਇਹ ਆਯਾ, ਤੂੰ ਕਦੇ ਨਾ ਡਾਹਿਆ ਆਣ ਕੁੜੇ ।

ਨਿੱਤ ਮੱਤੀਂ ਦਿਆਂ ਵਲੱਲੀ ਨੂੰ, ਇਸ ਭੋਲੀ ਕਮਲੀ ਝੱਲੀ ਨੂੰ  ।

ਜਦ ਪਵੇਗਾ ਵਖ਼ਤ ਇਕੱਲੀ ਨੂੰ, ਤਦ ਹਾਏ ਹਾਏ ਕਰਸੀ ਜਾਨ ਕੁੜੇ ।

ਮੁਢੋਂ ਦੀ ਤੂੰ ਰਿਜ਼ਕ ਵਿਹੂਣੀ, ਗੋਹੜਿਓਂ ਨਾ ਤੂੰ ਕੱਤੀ ਪੂਣੀ ।

ਹੁਣ ਕਿਉਂ ਫਿਰਨੀ ਏਂ ਨਿੰਮੋਝੂਣੀ, ਕਿਸ ਕਰੇਂ ਗੁਮਾਨ ਕੁੜੇ ।

ਨਾ ਤੱਕਲਾ ਰਾਸ ਕਰਾਵੇਂ ਤੂੰ, ਨਾ ਬਾਇੜ ਮਾਲ੍ਹ ਪਵਾਵੇਂ ਤੂੰ ।

ਘੜੀ ਮੁੜੀ ਕਿਉਂ ਚਰਖਾ ਚਾਵੇਂ ਤੂੰ, ਕਰਨੀ ਏਂ ਆਪਣਾ ਜਿਆਨ ਕੁੜੇ ।

ਡਿੰਗਾ ਤੱਕਲਾ ਰਾਸ ਕਰਾ ਲੈ, ਨਾਲ ਸ਼ਤਾਬੀ ਬਾਇੜ ਪਵਾ ਲੈ ।

ਜਿਉਂ ਕਰ ਵਗੇ ਤਿਵੇਂ ਵਗਾ ਲੈ, ਮਤ ਕਰ ਕੋਈ ਆਗਿਆਨ ਕੁੜੇ ।

ਅੱਜ ਘਰ ਵਿਚ ਨਵੀਂ ਕਪਾਹ ਕੁੜੇ, ਤੂੰ ਝੰਬ ਝੰਬ ਵੇਲਣਾ ਡਾਹ ਕੁੜੇ ।

ਰੂੰ ਵੇਲ ਪੰਜਾਵਣ ਜਾਹ ਕੁੜੇ, ਮੁੜ ਕਲ੍ਹ ਨਾ ਤੇਰਾ ਜਾਣ ਕੁੜੇ ।

ਜਦ ਰੂੰ ਪੰਜਾ ਲਿਆਵੇਂਗੀ, ਸਈਆਂ ਵਿਚ ਪੂਣੀਆਂ ਪਾਵੇਂਗੀ ।

ਮੁੜ ਆਪੇ ਹੀ ਪਈ ਭਾਵੇਂਗੀ, ਵਿਚ ਸਾਰੇ ਜੱਗ ਜਹਾਨ ਕੁੜੇ ।

ਤੇਰੇ ਨਾਲ ਦੀਆਂ ਸਭ ਸਈਆਂ ਨੀ, ਕੱਤ ਪੂਣੀਆਂ ਸਭਨਾਂ ਲਈਆਂ ਨੀ ।

ਤੈਨੂੰ ਬੈਠੀ ਨੂੰ ਪਿੱਛੇ ਪਈਆਂ ਨੀ, ਕਿਉਂ ਬੈਠੀ ਹੁਣ ਹੈਰੀਨ ਕੁੜੇ ।

ਦੀਵਾ ਆਪਣੇ ਪਾਸ ਜਗਾਵੀਂ, ਕੱਤ ਕੱਤ ਸੂਤ ਭੜੋਲੀ ਪਾਵੀਂ ।

ਅੱਖੀਂ ਵਿਚੋਂ ਰਾਤ ਲੰਘਾਵੀਂ, ਔਖੀ ਕਰਕੇ ਜਾਨ ਕੁੜੇ ।

ਰਾਜ ਪੇਕਾ ਦਿਨ ਚਾਰ ਕੁੜੇ, ਨਾ ਖੇਡੋ ਖੇਡ ਗੁਜਾਰ ਕੁੜੇ ।

ਨਾ ਹੋ ਵਿਹਲੀ ਕਰ ਕਾਰ ਕੁੜੇ, ਘਰ ਬਾਰ ਨਾ ਕਰ ਵੀਰਾਨ ਕੁੜੇ ।

ਤੂੰ ਸੁੱਤਿਆਂ ਰੈਣ ਗੁਜਾਰ ਨਹੀਂ, ਮੁੜ ਆਉਣਾ ਦੂਜੀ ਵਾਰ ਨਹੀਂ ।

ਫਿਰ ਬਹਿਣਾ ਏਸ ਭੰਡਾਰ ਨਹੀਂ, ਵਿਚ ਇਕੋ ਜੇਡੇ ਹਾਣ ਕੁੜੇ ।

ਤੂੰ ਸਦਾ ਨਾ ਪੇਕੇ ਰਹਿਣਾ ਏਂ, ਨਾ ਪਾਸ ਅੰਬੜੀ ਦੇ ਬਹਿਣਾ ਏ ।

ਭਾ ਅੰਤ ਵਿਛੋੜਾ ਸਹਿਣਾ ਏ, ਵੱਸ ਪਏਂਗੀ ਸੱਸ ਨਨਾਣ ਕੁੜੇ ।

ਕੱਤ ਲੈ ਨੀ ਕੁਝ ਕਤਾ ਲੈ ਨੀ, ਹੁਣ ਤਾਣੀ ਤੰਦ ਉਣਾ ਲੈ ਨੀ ।

ਤੂੰ ਆਪਣਾ ਦਾਜ ਰੰਗਾ ਲੈ ਨੀ, ਤੂੰ ਤਦ ਹੋਵੇਂ ਪਰਧਾਨ ਕੁੜੇ ।

ਜਦ ਘਰ ਬੇਗਾਨੇ ਜਾਵੇਂਗੀ, ਮੁੜ ਵੱਤ ਨਾ ਓਥੋਂ ਆਵੇਂਗੀ ।

ਓਥੇ ਜਾ ਕੇ ਪਛੋਤਾਵੇਂਗੀ, ਕੁਝ ਅਗਦੋਂ ਕਰ ਸਮਿਆਨ ਕੁੜੇ ।

ਅਜੇ ਐਡਾ ਤੇਰਾ ਕੰਮ ਕੁੜੇ, ਕਿਉਂ ਹੋਈ ਏਂ ਬੇ-ਗ਼ਮ ਕੁੜੇ ।

ਕੀ ਕਰ ਲੈਣਾ ਉਸ ਦਮ ਕੁੜੇ, ਜਦ ਘਰ ਆਏ ਮਹਿਮਾਨ ਕੁੜੇ ।

ਆ ਚਰਖੇ ਮੂਲ ਨਾ ਡਾਹੁਣਗੀਆਂ, ਤੇਰਾ ਤ੍ਰਿੰਞਣ ਪਿਆ ਵੀਰਾਣ ਕੁੜੇ ।

ਕਰ ਮਾਣ ਨਾ ਹੁਸਨ ਜਵਾਨੀ ਦਾ, ਪਰਦੇਸ ਨਾ ਰਹਿਣ ਸੀਲਾਨੀ ਦਾ ।

ਕੋਈ ਦੁਨੀਆ ਝੂਠੀ ਫਾਨੀ ਦਾ, ਨਾ ਰਹਿਸੀ ਨਾਮ ਨਿਸ਼ਾਨ ਕੁੜੇ ।

ਇਕ ਔਖਾ ਵੇਲਾ ਆਵੇਗਾ, ਸਭ ਸਾਕ ਸੈਣ ਭੱਜ ਜਾਵੇਗਾ ।

ਕਰ ਮੱਦਤ ਪਾਰ ਲੰਘਾਵੇਗਾ, ਉਹ ਬੁੱਲ੍ਹੇ ਦਾ ਸੁਲਤਾਨ ਕੁੜੇ ।

Leave a Reply

This site uses Akismet to reduce spam. Learn how your comment data is processed.