ਬੁੱਲੇ ਸ਼ਾਹ ਦੀਆਂ ਕਾਫੀਆਂ–ਆਓ ਸਈਓ ਰਲ ਦਿਓ ਨੀ ਵਧਾਈ

ਆਓ ਸਈਓ ਰਲ ਦਿਓ ਨੀ ਵਧਾਈ ।

ਮੈਂ ਬਰ ਪਾਇਆ ਰਾਂਝਾ ਮਾਹੀ । ਟੇਕ ।

ਅੱਜ ਤਾਂ ਰੋਜ਼ ਮੁਬਾਰਕ ਚੜ੍ਹਿਆ,

ਰਾਂਝਾ ਸਾਡੇ ਵਿਹੜੇ ਵੜਿਆ  ।

ਹੱਥ ਖੁੰਡੀ ਮੋਢੇ ਕੰਬਲ ਧਰਿਆ,

ਚਾਕਾਂ ਵਾਲੀ ਸ਼ਕਲ ਬਣਾਈ ।

ਆਓ ਸਈਓ ਰਲ ਦਿਓ ਨੀ ਵਧਾਈ,

ਮੁਕਟ ਗਊਆਂ ਦੇ ਵਿਚ ਰੁਲਦਾ,

ਜੰਗਲ ਜੂਹਾਂ ਦੇ ਵਿਚ ਰੁਲਦਾ ।

ਹੈ ਕੋਈ ਅੱਲਾ ਦੇ ਵੱਲ ਭੁਲਦਾ,

ਅਸਲ ਹਕੀਕਤ ਖ਼ਬਰ ਨਾ ਕਾਈ ।

ਆਓ ਸਈਓ ਰਲ ਦਿਓ ਨੀ ਵਧਾਈ ।

ਬੁਲ੍ਹੇ ਸ਼ਾਹ ਇਕ ਸੌਦਾ ਕੀਤਾ,

ਪੀਤਾ ਜ਼ਹਿਰ ਪਿਆਲਾ ਪੀਤਾ ।

ਨਾ ਕੁਝ ਲਾਹਾ ਟੋਟਾ ਲੀਤਾ,

ਦਰਦ ਦੁੱਖਾਂ ਦੀ ਗਠੜੀ ਚਾਈ ।

ਆਓ ਸਈਓ ਰਲ ਦਿਓ ਨੀ ਵਧਾਈ ।

Leave a Reply

This site uses Akismet to reduce spam. Learn how your comment data is processed.