ਸ਼ਿਵ ਕੁਮਾਰ ਬਟਾਲਵੀ ਕਵਿਤਾ–ਬਿਰਹਾ ਤੂ ਸੁਲਤਾਨ

ਬਿਰਹਾ ਬਿਰਹਾ ਆਖੀਏ

ਬਿਰਹਾ ਤੂ ਸੁਲਤਾਨ

ਜਿਸ ਤਨ ਬਿਰਹਾ ਨਾ ਉਪਜੇ

ਸੋ ਤਨ ਜਾਣ ਮਸਾਣ

 

ਅਸੀਂ ਸਭ ਬਿਰਹਾ ਘਰ ਜੰਮਦੇ

ਅਸੀਂ ਬਿਰਹਾ ਦੀ ਸੰਤਾਨ

ਬਿਰਹਾ ਖਾਈਏ ਬਿਰਹਾ ਪਾਈਏ

ਬਿਰਹਾ ਆਏ ਹੰਢਾਣ

 

ਅਸੀਂ ਸਭ ਬਿਰਹਾ ਦੇ ਮੰਦਰੀਂ

ਧੁਖਦੇ ਧੂਫ਼ ਸਮਾਨ

ਬਿਨ ਬਿਰਹਾ ਉਮਰ ਸੁਗੰਧੀਆਂ

ਸੱਭੈ ਬਿਣਸਾ ਜਾਣ

 

ਬਿਰਹਾ ਸੇਤੀ ਉਪਜਿਆ

ਇਹ ਧਰਤੀ ਤੇ ਅਸਮਾਨ

ਬਿਰਹਾ ਸੇਤੀ ਸੂਰਜ ਜੰਮਣ

ਦਿਹੁੰ ਪਏ ਗੇੜੇ ਖਾਣ

 

ਮੈਂ ਵੱਡਭਾਗੀ ਤੇਰਾ ਬਿਰਹਾ

ਲੜ ਲੱਗਾ ਮੇਰੇ ਆਣ

ਬਿਨ ਬਿਰਹਾ ਥੀਂਦੀ ਠੀਕਰੀ

ਕਿਸੇ ਉੱਜੜੇ ਕਬਰਿਸਤਾਨ

 

ਅੱਜ ਸੱਭੇ ਧਰਤੀਆਂ ਮੇਰੀਆਂ

ਤੇ ਸੱਭੇ ਹੀ ਅਸਮਾਨ

ਅੱਜ ਸੱਭੇ ਰੰਗ ਹੀ ਮੈਂਡੜੇ

ਮੇਰੇ ਵਿਹੜੇ ਝੁੰਮਰ ਪਾਣ

 

ਤੂੰ ਹੇ ਰੁੰਨੇ ਮਨ ਮੇਰਿਆ

ਕਿਉਂ ਲੋਚੇ ਵਸਲ ਹੰਢਾਣ

ਜੇ ਦਿਸ਼ਾ ਦਿਸ਼ਾਵਾਂ ਆਪਸੀਂ

ਮਿਲਣ ਕਦੇ ਨਾ ਜਾਣ

 

ਅਸਾਂ ਜੂਨ ਹੰਢਾਣੀ ਮਹਿਕ ਦੀ

ਸਾਨੂੰ ਬਿਰਹਾ ਦਾ ਵਰਦਾਨ

ਸਾਡੇ ਇਸ ਬਿਰਹਾ ਦੇ ਨਾਮ ਤੋਂ

ਕੋਟ ਜਨਮ ਕੁਰਬਾਨ

 

ਬਿਰਹਾ ਬਿਰਹਾ ਆਖੀਏ

ਬਿਰਹਾ ਤੂੰ ਸੁਲਤਾਨ

ਜਿਸ ਤਨ ਬਿਰਹਾ ਨਾ ਉਪਜੇ

ਸੋ ਤਨ ਜਾਣ ਮਸਾਣ

Comments

comments

Leave a Reply