ਸ਼ਿਵ ਕੁਮਾਰ ਬਟਾਲਵੀ ਕਵਿਤਾ–ਜ਼ਖਮ (ਚੀਨੀ ਆਕ੍ਰਮਣ ਸਮੇਂ)

ਸੁਣਿਓਂ ਵੇ ਕਲਮਾਂ ਵਾਲਿਓ

ਸੁਣਿਓਂ ਵੇ ਅਕਲਾਂ ਵਾਲਿਓ

ਸੁਣਿਓਂ ਵੇ ਹੁਨਰਾਂ ਵਾਲਿਓ

ਹੈ ਅੱਖ ਚੁੱਭੀ ਅਮਨ ਦੀ

ਆਇਓ ਵੇ ਫੂਕਾਂ ਮਾਰਿਓ

ਇਕ ਦੋਸਤੀ ਦੇ ਜ਼ਖਮ ਤੇ

ਸਾਂਝਾਂ ਦਾ ਲੋਗੜ ਬੰਨ੍ਹ ਕੇ

ਸਮਿਆਂ ਦੀ ਥੋਹਰ ਪੀੜ ਕੇ

ਦੁੱਧਾਂ ਦਾ ਛੱਟਾ ਮਾਰਿਓ

 

ਵਿਹੜੇ ਅਸਾਡੀ ਧਰਤ ਦੇ

ਤਾਰੀਖ਼ ਟੂਣਾ ਕਰ ਗਈ

ਸੇਹ ਦਾ ਤੱਕਲਾ ਗੱਡ ਕੇ

ਸਾਹਾਂ ਦਾ ਪੱਤਰ ਵੱਢ ਕੇ

ਹੱਡੀਆਂ ਦੇ ਚੌਲ ਡੋਹਲ ਕੇ

ਨਫ਼ਰਤ ਦੀ ਮੌਲੀ ਬੰਨ੍ਹ ਕੇ

ਲਹੂਆਂ ਦੀ ਗਾਗਰ ਧਰ ਗਈ

ਓ ਸਾਥੀਓ, ਓ ਬੇਲੀਓ

ਤਹਿਜੀਬ ਜਿਉਂਦੀ ਮਰ ਗਈ

ਇਖ਼ਲਾਕ ਦੀ ਆੱਡੀ ਤੇ ਮੁੜ

ਵਹਿਸ਼ਤ ਦਾ ਬਿਸਿਅਰ ਲੜ ਗਿਆ

ਇਤਿਹਾਸ ਦੇ ਇਕ ਬਾਬ ਨੂੰ

ਮੁੜ ਕੇ ਜ਼ਹਿਰ ਹੈ ਚੜ੍ਹ ਗਿਆ

ਸੱਦਿਓ ਵੇ ਕੋਈ ਮਾਂਦਰੀ

ਸਮਿਆਂ ਨੂੰ ਦੰਦਲ ਪੈ ਗਈ

ਸੱਦਿਓ ਵੇ ਕੋਈ ਜੋਗੀਆ

ਧਰਤੀ ਨੂੰ ਗਸ਼ ਹੈ ਪੈ ਗਈ

ਸੁੱਖੋ ਵੇ ਰੋਟ ਪੀਰ ਦੇਟ

ਪਿੱਪਲਾਂ ਨੂੰ ਤੰਦਾਂ ਕੱਚੀਆਂ

ਆਓ ਵੇ ਇਸ ਬਾਰੂਦ ਦੀ

ਵਰਮੀ ਤੇ ਪਾਈਏ ਲੱਸੀਆਂ

ਓ ਦੋਸਤੋ, ਓ ਮਹਿਰਮੋ

ਕਾਹਨੂੰ ਇਹ ਅੱਗਾਂ ਮੱਚੀਆਂ

 

ਹਾੜਾਂ ਜੇ ਦੇਸ਼ਾਂ ਵਾਲਿਓ

ਓ ਐਟਮਾਂ ਦਿਓ ਤਾਜਰੋ

ਬਾਰੂਦ ਦੇ ਵਣਜਾਰਿਓ

ਹੁਣ ਹੋਰ ਨਾ ਮਾਨੁੱਖ ਸਿਰ

ਲਹੂਆਂ ਦਾ ਕਰਜਾ ਚਾੜਿਓ

ਹੈ ਅੱਖ ਚੁੱਭੀ ਅਮਨ ਦੀ

ਆਇਓ ਵੇ ਫੂਕਾਂ ਮਾਰਿਓ

ਹਾੜਾ ਜੇ ਅਕਲਾਂ ਵਾਲਿਓ

ਹਾੜਾ ਜੇ ਹੁਨਰਾਂ ਵਾਲਿਓ

Comments

comments

Leave a Reply