ਬੁੱਲੇ ਸ਼ਾਹ ਦੀਆਂ ਕਾਫੀਆਂ–ਮੇਰੀ ਬੁੱਕਲ ਦੇ ਵਿਚ ਚੋਰ

ਮੇਰੀ ਬੁੱਕਲ ਦੇ ਵਿਚ ਚੋਰ, ਨੀ-ਮੇਰੀ ਬੁੱਕਲ ਦੇ ਵਿਚ ਚੋਰ । ਟੇਕ ।

ਕੀਹਨੂੰ ਕੂਕ ਸੁਣਾਵਾਂ ਨੀ, ਮੇਰੀ ਬੁੱਕਲ ਦੇ ਵਿਚ ਚੋਰ ।

ਚੋਰੀ ਚੋਰੀ ਨਿਕਲ ਗਿਆ । ਜਗ ਵਿਚ ਪੈ ਗਿਆ ਸ਼ੋਰ ।

ਮੁਸਲਮਾਨ ਸੜਨੇ ਤੋਂ ਡਰਦੇ, ਹਿੰਦੂ ਡਰਦੇ ਗੋਰ ।

ਦੋਵੇਂ ਏਸੇ ਦੇ ਵਿਚ ਮਰਦੇ, ਇਹੋ ਦੋਹਾਂ ਦੀ ਖੋਰ ।

ਕਿਤੇ ਰਾਮਦਾਸ ਕਿਤੇ ਫਤਹਿ ਮੁਹੰਮਦ, ਇਹੋ ਕਦੀਮੀ ਸ਼ੋਰ ।

ਮਿਟ ਗਿਆ ਦੋਹਾਂ ਦਾ ਝਗੜਾ, ਨਿਕਲ ਪਿਆ ਕੁਝ ਹੋਰ ।

ਅਰਸ਼-ਮਨੱਵਰ ਬਾਗਾਂ ਮਿਲੀਆਂ, ਸੁਣੀਆਂ ਤਖ਼ਤ-ਲਾਹੌਰ ।

ਸ਼ਾਹ ਅਨਾਇਤ ਕੁੰਡੀਆਂ ਪਾਈਆਂ, ਲੁੱਕ ਛੁੱਪ ਖਿੱਚਦਾ ਡੋਰ ।

ਜਿਸ ਢੂੰਡਿਆ ਤਿਸ ਨੇ ਪਾਇਆ, ਨਾ ਝੁਰ ਝੁਰ ਹੋਯਾ ਮੋਰ ।

ਪੀਰ-ਪੀਰਾਂ ਬਗ਼ਦਾਦ ਅਸਾਡਾ, ਮੁਰਸ਼ਦ ਤਖ਼ਤ ਲਾਹੌਰ ।

ਇਹੋ ਤੁਸੀਂ ਵੀ ਆਖੋ ਸਾਰੇ, ਆਪ ਗੁੱਡੀ ਆਪ ਡੋਰ ।

ਮੈਂ ਦੱਸਨਾਂ ਤੁਸੀਂ ਪਕੜ ਲਿਆਓ, ਬੁਲ੍ਹੇ ਸ਼ਾਹ ਦਾ ਚੋਰ ।

Leave a Reply

This site uses Akismet to reduce spam. Learn how your comment data is processed.