ਬੁੱਲੇ ਸ਼ਾਹ ਦੀਆਂ ਕਾਫੀਆਂ–ਉੱਠ ਜਾਗ ਘੁਰਾੜੇ ਮਾਰ ਨਹੀਂ

ਉੱਠ ਜਾਗ ਘੁਰਾੜੇ ਮਾਰ ਨਹੀਂ, ਇਹ ਸੌਣ ਤੇਰੇ ਦਰਕਾਰ ਨਹੀਂ।

ਇਕ ਰੋਜ਼ ਜਹਾਨੋਂ ਜਾਣਾ ਏ, ਜਾ ਕਬਰੇ ਵਿਚ ਸਮਾਣਾ ਏ,

ਤੇਰਾ ਗੋਸ਼ਤ ਕੀੜਿਆਂ ਖਾਣਾ ਏ, ਕਰ ਚੇਤਾ ਮਰਗ ਵਿਸਾਰ ਨਹੀਂ।

ਤੇਰਾ ਸਾਹਾ ਨੇੜੇ ਆਇਆ ਏ, ਕੁਝ ਚੋਲੀ ਦਾਜ ਰੰਗਾਇਆ ਏ,

ਕਿਉਂ ਆਪਣਾ ਆਪ ਵੰਜਾਇਆ ਏ, ਐ ਗਾਫ਼ਲ ਤੈਨੂੰ ਸਾਰ ਨਹੀਂ।

ਤੂੰ ਸੁੱਤਿਆ ਉਮਰ ਵੰਜਾਈ ਏ, ਤੂੰ ਚਰਖੇ ਤੰਦ ਨਾ ਪਾਈ ਏ,

ਕੀ ਕਰ ਸੈਂ ? ਦਾਜ ਤਿਆਰ ਨਹੀਂ, ਉਠ ਜਾਗ ਘੁਰਾੜੇ ਮਾਰ ਨਹੀਂ।

ਤੂੰ ਜਿਸ ਦਿਨ ਜੋਬਨ ਮੱਤੀ ਸੈਂ, ਤੂੰ ਨਾਲ ਸਈਆਂ ਦੇ ਰੱਤੀ ਸੈਂ,

ਹੋ ਗਾਫ਼ਲ ਗੱਲੀਂ ਵੱਤੀ ਸੈਂ, ਇਹ ਭੋਰਾ ਤੈਨੂੰ ਸਾਰ ਨਹੀਂ।

ਤੂੰ ਮੂੱਢੋਂ ਬਹੁਤ ਕੁਚੱਜੀ ਸੈਂ, ਨਿਰਲੱਜਿਆਂ ਦੀ ਨਿਰਲੱਜੀ ਸੈਂ,

ਤੂੰ ਖਾ ਖਾ ਖਾਣੇ ਰੱਜੀ ਸੈਂ, ਹੁਣ ਤਾਈਂ ਤੇਰਾ ਬਾਰ ਨਹੀਂ।

ਅੱਜ ਕਲ੍ਹ ਤੇਰਾ ਮੁੱਕਲਾਵਾ ਏ, ਕਿਉਂ ਸੁੱਤੀ ਕਰ ਕਰ ਦਾਅਵਾ ਏ,

ਅਣਡਿਠਿਆਂ ਨਾਲ ਮਿਲਾਵਾ ਏ, ਇਹ ਭਲਕੇ ਗਰਮ ਬਾਜਾਰ ਨਹੀਂ।

ਤੂੰ ਏਸ ਜਹਾਨੋ ਜਾਏਂਗੀ, ਫਿਰ ਕਦਮ ਨਾ ਏਥੇ ਪਾਏਂਗੀ,

ਇਹ ਜੋਬਨ ਰੂਪ ਵੰਜਾਏਂਗੀ, ਤੈਂ ਰਹਿਣਾ ਵਿਚ ਸੰਸਾਰ ਨਹੀਂ।

ਮੰਜ਼ਲ ਤੇਰੀ ਦੂਰ ਦੁਰਾਡੀ, ਤੂੰ ਪੌਣਾਂ ਵਿਚੌਂ ਜੰਗਲ ਵਾਦੀ,

ਔਖਾ ਪਹੁੰਚਣ ਪੈਰ ਪਿਆਦੀ, ਦਿਸਦੀ ਤੂੰ ਅਸਵਾਰ ਨਹੀਂ।

ਇਕ ਇਕੱਲੀ ਤਨਹਾ ਚਲਸੇਂ, ਜੰਗਲ ਬੱਰਬੱਰ ਦੇ ਵਿਚ ਰੁਲਸੇਂ,

ਲੈ ਲੈ ਤੋਸ਼ਾ ਏਥੋਂ ਘੱਲਸੈਂ, ਓਥੇ ਲੈਣ ਉਧਾਰ ਨਹੀਂ।

ਉਹ ਖਾਲੀ ਏ ਸੁੰਞੀ ਹਵੇਲੀ, ਤੂੰ ਵਿੱਚ ਰਹਿਸੇਂ ਇਕ ਇਕੇਲੀ,

ਓਥੇ ਹੋਸੀ ਹੋਰ ਨਾ ਬੇਲੀ, ਸਾਥ ਕਿਸੇ ਦਾ ਬਾਰ ਨਹੀਂ।

ਜਿਹੜੇ ਸਨ ਦੇਸਾਂ ਦੇ ਰਾਜੇ, ਨਾਲ ਜਿਨ੍ਹਾਂ ਦੇ ਵੱਜਦੇ ਵਾਜੇ,

ਗਏ ਹੋ ਕੇ ਬੇ-ਤਖ਼ਤੇ ਤਾਜੇ, ਕੋਈ ਦੁਨੀਆਂ ਦਾ ਇਤਬਾਰ ਨਹੀਂ।

ਕਿੱਥੇ ਹੈ ਸੁਲਤਾਨ ਸਿਕੰਦਰ, ਮੌਤ ਨਾ ਛੱਡੇ ਪੀਰ ਪੈਗੰਬਰ,

ਸੱਭੇ ਛੱਡ ਛੱਡ ਗਏ ਅਡੰਬਰ, ਕੋਈ ਏਥੇ ਪਾਇਦਾਰ ਨਹੀਂ।

ਕਿੱਥੇ ਯੂਸਫ ਮਾਹਿ-ਕਨਿਆਨੀ, ਲਈ ਜੁਲੈਖਾ ਫੇਰ ਜਵਾਨੀ,

ਕੀਤੀ ਮੌਤ ਨੇ ਓੜਕ ਫਾਨੀ, ਫੇਰ ਉਹ ਹਾਰ ਸ਼ਿੰਗਾਰ ਨਹੀਂ।

ਕਿੱਥੇ ਤਖ਼ਤ ਸੁਲੇਮਾਨ ਵਾਲਾ, ਵਿੱਚ ਹਵਾ ਉਡਦਾ ਸੀ ਬਾਲਾ,

ਉਹ ਭੀ ਕਾਦਰ ਆਪ ਸੰਭਾਲਾ, ਕੋਈ ਜਿੰਦਗੀ ਦਾ ਇਤਬਾਰ ਨਹੀਂ।

ਕਿੱਥੇ ਮੀਰ ਮਲਕ ਸੁਲਤਾਨਾਂ ? ਸੱਭੇ ਛੱਡ ਛੱਡ ਗਏ ਟਿਕਾਣਾ,

ਕੋਈ ਮਾਰ ਨਾ ਬੈਠੇ ਠਾਣਾ, ਲਸ਼ਕਰ ਦਾ ਜਿਨ੍ਹਾਂ ਸ਼ੁਮਾਰ ਨਹੀਂ।

ਫੁੱਲਾਂ ਫੁੱਲ ਚੰਬੇਲੀ ਲਾਲਾ, ਸੋਸਨ ਸਿੰਬਲ ਸਰੂ ਨਿਰਾਲਾ,

ਬਾਦਿ-ਖਿਜਾ ਕੀਤਾ ਬੁਰ ਹਾਲਾ, ਨਰਗਸ ਨਿਤ ਖੁਮਾਰ ਨਹੀਂ।

ਜੋ ਕੁੱਝ ਕਰਸੇਂ ਸੋ ਕੁਝ ਪਾਸੇਂ ਨਹੀਂ ਤੇ ਓੜਕ ਪਛੋਤਾਸੈਂ,

ਸੁੰਞੀ ਕੂੰਜ ਵਾਂਙ ਕੁਰਲਾਸੇਂ, ਖੰਭਾਂ ਬਾਝ ਉਡਾਰ ਨਹੀਂ।

ਡੇਰਾ ਕਰ਼ਸੇਂ ਉਹਨੀ ਜਾਈਂ, ਜਿਥੇ ਸ਼ੇਰ ਪਲੰਗ ਬਲਾਈਂ.

ਖਾਲੀ ਰਹਿਸਣ ਮਹਿਲ ਸਰਾਈ, ਫਿਰ ਤੂੰ ਵਿਰਸੇਦਾਰ ਨਹੀਂ।

ਅਸੀਂ ਆਜਜ਼ ਵਿਚ ਕੋਟ ਇਲਮ ਦੇ, ਓਸੇ ਆਂਦੇ ਵਿਚ ਕਲਮ ਦੇ,

ਬਿਨ ਕਲਮੇ ਦੇ ਨਾਹੀਂ ਕੰਮ ਦੇ ਬਾਝੋਂ ਕਲਮੇ ਪਾਰ ਨਹੀਂ.

ਬੁਲ੍ਹਾ ਸ਼ਹੁ ਬਿਨ ਕੋਈ ਨਾਹੀ ਏਥੇ ਓਥੇ ਦੋਹੀਂ ਸਰਾਈਂ,

ਸੰਭਲ ਸੰਭਲ ਕੇ ਕਦਮ ਟਿਕਾਈਂ, ਫਿਰ ਆਵਣ ਦੂਜੀ ਵਾਰ ਨਹੀਂ।

Leave a Reply

This site uses Akismet to reduce spam. Learn how your comment data is processed.