ਬੁੱਲੇ ਸ਼ਾਹ ਦੀਆਂ ਕਾਫੀਆਂ–ਆ ਸੱਜਨ ਗਲ ਲੱਗ ਅਸਾਡੇ

ਆ ਸੱਜਣ ਗਲ ਲੱਗ ਅਸਾਡੇ, ਕੇਹਾ ਝੇੜਾ ਲਾਇਓ ਈ । ਟੇਕ।

ਸੁੱਤਿਆਂ ਬੈਠਿਆਂ ਕੁਝ ਨਾ ਡਿੱਠਾ, ਜਾਗਦਿਆਂ ਸ਼ਹੁ ਪਾਇਓ ਈ ।

ਕੁੰਮ-ਬਿ-ਇਜ਼ਨੀ ਸ਼ਮਸ ਬੋਲੇ, ਉਲਟਾ ਕਰ ਲਟਾਕਾਇਓ ਈ ।

ਇਸ਼ਕਨ ਇਸ਼ਕਨ ਜੱਗ ਵਿਚ ਹੋਈਆਂ, ਦੇ ਦਿਲਾਸ ਬਿਠਾਇਓ ਈ ।

ਮੈਂ ਤੈਂ ਕਾਈ ਨਹੀਂ ਜੁਦਾਈ, ਫਿਰ ਕਿਉਂ ਆਪ ਛੁਪਾਇਓ ਈ ।

ਮੱਝੀਆਂ ਆਈਆਂ ਮਾਹੀ ਨਾ ਆਇਆ, ਫੂਕ ਬ੍ਰਿਹੋਂ ਡੁਲਾਇਓ ਈ ।

ਏਸ ਇਸ਼ਕ ਦੇ ਵੇਖੇ ਕਾਰੇ, ਯੂਸਫ ਖੂਹ ਪਵਾਇਓ ਈ ।

ਵਾਂਗ ਜੁਲੈਖਾ ਵਿਚ ਮਿਸਰ ਦੇ, ਘੂੰਗਟ ਖੋਲ੍ਹ ਰੁਲਾਇਓ ਈ ।

ਰੱਬ-ਇ-ਅਰਨੀ ਮੂਸਾ ਬੋਲੇ, ਤਦ ਕੋਹ-ਤੂਰ ਜਲਾਇਓ ਈ ।

ਲਨਤਰਾਨੀ ਝਿੜਕਾਂ ਵਾਲਾ, ਆਪੇ ਹੁਕਮ ਸੁਣਾਇਓ ਈ ।

ਇਸ਼ਕ ਦੀਵਾਨੇ ਕੀਤਾ ਫਾਨੀ. ਦਿਲ ਯਤੀਮ ਬਣਾਇਓ ਈ ।

ਬੁਲ੍ਹਾ ਸ਼ੌਹ ਘਰ ਵੱਸਿਆ ਆ ਕੇ, ਸ਼ਾਹ ਅਨਾਇਤ ਬਣਾਇਓ ਈ ।

ਆ ਸੱਜਣ ਗਲ ਲੱਗ ਅਸਾਡੇ ਕੇਹਾ ਝੇੜਾ ਲਾਇਓ ਈ ।

Leave a Reply

This site uses Akismet to reduce spam. Learn how your comment data is processed.