Punjabi Poem
ਮੈਨੂੰ ਦੱਸ ਦਿਓ,
ਜੇ ਤੁਹਾਨੂੰ ਕਿਤੇ ਪਤਾ ਲੱਗੇ।
ਮੈਂ ਤਾਂ ਥੱਕ ਚੁੱਕਾ ਹਾਂ,
ਸਾਰੀ ਦੁਨੀਆ ਦੀ ਖ਼ਾਕ ਛਾਣ ਕੇ
ਪਰ ਜਵਾਬ ਨਹੀਂ ਮਿਲਿਆ।
”ਪਤਾ ਲੱਭ ਰਿਹਾ ਸਾਂ ਮੈਂ,
ਆਪਣੀ ਭਾਰਤ ਮਾਂ ਦੇ ਘਰ ਦਾ।”
ਪਰ ਤੁਸੀਂ ਮੇਰੇ ਵਾਂਗ ਨਹੀਂ,
ਮੈਨੂੰ ਵਿਸ਼ਵਾਸ ਹੈ,
ਤੁਸੀਂ ਲੱਭ ਲਓਗੇ।
ਇਸ ਰਾਜਾਂ ਵਿੱਚ ਵੰਡੇ ਦੇਸ਼ ਦਾ ਪਤਾ,
ਤੁਸੀਂ ਲੱਭ ਲਓਗੇ,
ਇਨ੍ਹਾਂ ਜਾਤਾਂ ਵਿੱਚ ਵੰਡੇ ਲੋਕਾਂ ‘ਚੋਂ।
ਤੁਸੀਂ ਲੱਭ ਲਓਗੇ…
‘ਤੇ ਜਦ ਲੱਭ ਲਵੋ,
ਤਾਂ ਮੈਨੂੰ ਦੱਸਣ ਜ਼ਰੂਰ ਆਇਓ।
ਕੀ? ਮੈਂ ਕੌਣ ਹਾਂ?
ਮੈਂ ਮੰਦਰ ਵਿੱਚ ਬੈਠਾ,
ਮਾਲ਼ਾ ਜਪਦਾ ਪੰਡਿਤ ਹਾਂ।
ਜਾਂ ਗੁਰੂ ਗ੍ਰੰਥ ਸਾਹਿਬ ਦਾ ਪਾਠੀ?
ਮਸੀਤ ਦਾ ਮੌਲਾਨਾਂ ਵੀ ਮੈਂ ਹੀ ਹਾਂ।
ਮੈਂ ਤਹਾਡੇ ਘਰ ਰੋਜ਼ ਆਉਂਦਾ ਹਾਂ,
ਕਦੇ ਚਿੱਠੀਆਂ ਵੰਡਣ,
ਕਦੇ ਸਬਜ਼ੀ ਵੇਚਣ,
‘ਤੇ ਕਦੇ ਸਫਾਈ ਕਰਨ,
ਮੈਂ ਹੀ ਆਉਂਦਾ ਹਾਂ
ਤੁਹਾਡੇ ਨਜ਼ਰੀਂ ਪੈਂਦਾ ਹਰ ਇਨਸਾਨ
ਮੈਂ ਹੀ ਹਾਂ।
”ਬੱਸ ਤੁਸੀਂ ਮੈਨੂੰ ਜਵਾਬ ਦੱਸਦੇ ਜਾਓ।”
Punjabi Poem
ਕਿੰਨਾ ਚੰਗਾ ਹੁੰਦਾ
ਜੇ ਤੂੰ ਸਮਝਦੀ,
ਜੋ ਮੈਂ ਵੇਖ ਸਕਦਾ ਹਾਂl
ਤੇਰੇ ਕਾਲੇ ਵਾਲਾਂ ਵਿਚ ਕੈਦ,
ਉਹ ਰਾਤ ਦਾ ਹਨੇਰਾ
‘ਤੇ ਚੰਨ ਵਾਂਗ ਚਮਕਦਾ ਤੇਰਾ ਚਹਿਰਾl
ਮੈਂ ਵੇਖ ਸਕਦਾ ਹਾਂ,
ਪਰ ਕਿੰਨਾ ਚੰਗਾ ਹੁੰਦਾ
ਜੇ ਤੂੰ…
ਉਹਨਾਂ ਨਸ਼ੀਲੀਆਂ ਅੱਖਾਂ ਵਿਚ ਡੁੱਬਦਿਆਂ,
ਮੈਂ ਮਹਿਸੂਸ ਕਰ ਸਕਦਾ ਹਾਂ,
ਇੱਕ ਅਜੀਬ ਜਿਹੀ ਖ਼ੁਸ਼ੀ,
ਇੱਕ ਅਲੱਗ ਜਿਹਾ ਨਸ਼ਾ,
ਪਰ ਕਿੰਨਾ ਚੰਗਾ ਹੁੰਦਾ,
ਜੇ ਤੂੰ ਵੀ…
ਤੇਰਾ ਉਹ ਧੁੱਪ ਵਿੱਚ ਅੱਖਾਂ ਮੀਟਣਾ,
‘ਤੇ ਉਸ ਪਿੱਛੋਂ ਸੂਰਜ ਦੀ
ਮੱਠੀ ਪੈਂਦੀ ਅੱਗ,
ਮੈਂ ਵੇਖ ਸਕਦਾ ਹਾਂ,
ਪਰ ਕਾਸ਼ ਤੂੰ…
ਮੇਰੇ ਪੈਰਾਂ ਹੇਠ ਆਈ
ਬੰਜਰ ਜ਼ਮੀਨ ‘ਤੇ
ਜਦ ਤੇਰਾ ਪੈਰ ਪੈਂਦਾ ਹੈ,
ਉੱਥੇ ਉੱਗੇ ਫੁੱਲ,
ਮੈਂ ਵੇਖ ਸਕਦਾ ਹਾਂl
ਤੇਰੇ ਮੱਥੇ ਤੇ ਆਇਆ
ਪਸੀਨਾ ਪੂੰਝਣ ਲਈ,
ਮੇਰੇ ਤੋਂ ਪਹਿਲਾਂ ਆਉਂਦਾ
ਉਹ ਠੰਡੀ ਹਵਾ ਦਾ ਬੁੱਲਾ,
ਮੈਂ ਵੇਖ ਸਕਦਾ ਹਾਂ,
ਪਰ ਜੇ ਤੂੰ…
ਤੇਰੇ ਚਹਿਰੇ ‘ਤੇ ਆਈ ਮੁਸਕਰਾਹਟ ਚੋਂ,
ਹਰ ਵਾਰ ਮੈਂ ਵੇਖ ਸਕਦਾ ਹਾਂ,
ਤੇਰੀ ਸੱਚਾਈ,
ਤੇਰੀ ਮਾਸੂਮੀਅਤ,
‘ਤੇ ਤੇਰੇ ਜਾਣ ਪਿੱਛੋਂ
ਮੇਰੇ ਮੂੰਹ ਤੇ ਆਈ,
ਮੌਤ ਰੂਪੀ ਚੁੱਪ,
ਕਿੰਨਾ ਚੰਗਾ ਹੁੰਦਾ,
ਜੇ ਤੂੰ ਸਮਝ ਸਕਦੀl
Punjabi Poem
ਮੈਂ ਲਿਖਣਾ ਚਾਹੁੰਦਾ ਸਾਂ
ਇੱਕ ਅਜਿਹੀ ਕਵਿਤਾ,
ਜਿਸ ਵਿੱਚ
ਚਾਨਣੀ ਰਾਤ ਦੀ ਠੰਡਕ ਦਾ ਜ਼ਿਕਰ ਹੋਵੇ,
ਜਿਸ ਵਿੱਚ
ਤਾਰਿਆਂ ਦਾ ਜ਼ਿਕਰ ਹੋਵੇ।
ਉੱਡਦਿਆਂ ਪੰਛੀਆਂ ਵਾਂਗ
ਇਸਦੀ ਸ਼ੁਰੂਆਤ ਹੋਣੀ ਸੀ
’ਤੇ ਲਹਿੰਦੇ ਸੂਰਜ ਜਿੰਨਾ
ਸੁੰਦਰ ਅੰਤ।
ਉਸ ਵਿੱਚ ਮੇਰੇ ਪਿਆਰ ਦੇ ਸਾਹਮਣੇ
ਤਾਜ ਦੀ ਸ਼ਾਨ ਵੀ ਘੱਟ ਹੋਣੀ ਸੀ।
ਉਸ ਵਿੱਚ ਮੈਂ ਤੈਨੂੰ ਸੁੰਦਰਾਂ ਤੋਂ ਵੀ ਸੋਹਣੀ ਦੱਸਦਾ
’ਤੇ ਖ਼ੁਦ ਨੂੰ ਮਿਰਜ਼ੇ ਦਾ ਵਾਰਿਸ।
ਉਸ ਵਿੱਚ ਚਸ਼ਮਿਆਂ ’ਤੇ ਵਾਦੀਆਂ ਦਾ ਵੀ ਜ਼ਿਕਰ ਹੋਣਾ ਸੀ।
ਮੈਂ ਤੇਰੀ ਬੇਵਾਈ ਨੂੰ ਵੀ
ਉਸ ਵਿੱਚ ਸਹੀ ਸਾਬਿਤ ਕਰਨਾ ਸੀ।
ਮੈਂ ਤਾਂ ਬੱਸ ਲਿਖਣਾ ਚਾਹੁੰਦਾ ਸਾਂ
ਇੱਕ ਅਜਿਹੀ ਕਵਿਤਾ,
ਜਿਸ ਨੂੰ ਆਪਣੀ ਮੁਹੱਬਤ ਲਈ ਯਾਦ ਕੀਤਾ ਜਾਵੇ।
Punjabi Poem
ਉਹ ਹਮੇਸ਼ਾ ਕਹਿੰਦੀ ਸੀ
ਮੇਰਾ ਪਿਆਰ ਸੱਚਾ ਹੈ।
ਪਰ ਮੈਂ ਕਦੀ ਨਹੀਂ ਮੰਨਿਆ।
ਮੈਨੂੰ ਤਾਂ ਸਦਾ ਮੈਂ ਝੂਠਾ ਹੀ ਲੱਗਾ ਸਾਂ।
ਕਿੰਨੀਆਂ ਰਾਤਾਂ ਚੰਨ ਵੱਲ ਵੇਖਿਆ ਹੈ,
ਪਰ ਮੈਨੂੰ ਤਾਂ ਕਦੀ ਉਸਦਾ ਚਹਿਰਾ ਨਹੀਂ ਦਿਸਿਆ।
ਕਿੰਨੀਆਂ ਮਹਿਫਿਲਾਂ ’ਚ ਸ਼ਰੀਕ ਹੋਇਆ,
ਪਰ ਕਦੀ ਵੀ ਮੂੰਹੋਂ ਉਸਦਾ ਜ਼ਿਕਰ ਨਾ ਹੋਇਆ।
ਮੈਂ ਤਾਂ ਕਦੀ ਵੀ ਕਿਸੇ ਰੁੱਖ ਉੱਤੇ ਉਸਦਾ ਨਾਂ ਨਹੀਂ ਉਕੇਰਿਆ।
ਮੈਂ ਤਾ ਕਦੀ ਵੀ ਉਸਦੀ ਯਾਦ ਵਿੱਚ ਨਹੀਂ ਰੋਇਆ।
ਉਸਨੂੰ ਕੋਲ਼ੋਂ ਲੰਘਦੀ ਜਾਣ
ਮੈਂ ਤਾਂ ਕਦੀ ਮੁੜ ਕੇ ਨਹੀਂ ਵੇਖਿਆ।
ਫਿਰ ਮੇਰੀ ਮੁਹੱਬਤ ਸੱਚੀ ਕਿਵੇਂ?
ਪਰ ਮੈਂ ਗ਼ਲਤ ਸੀ
ਝੂਠੀ ਤਾਂ ਉਹ ਨਿਕਲੀ
ਛੱਡ ਗਈ ਮੈਨੂੰ ਇਕੱਲਾ
ਦੂਰ ਕਿਸੇ ਪਰਦੇਸ
’ਤੇ ਸੁਣਿਐ ਉੱਥੇ ਗਿਆ
ਕੋਈ ਨਹੀਂ ਪਰਤਿਆ।
Punjabi Poem
ਨਫਰਤ ਹੈ ਮੈਨੂੰ ਖ਼ੁਦ ਤੋਂ,
ਨਫਰਤ ਹੈ ਮੈਨੂੰ ਇਸ ਸਮਾਜ ਤੋਂ,
ਨਫਰਤ ਹੈ ਮੈਨੂੰ ਇਸ ਜਹਾਨ ਤੋਂ।
ਇਸ ਨਫਰਤ ਦੀ ਅੱਗ ਵਿੱਚ ਬਲਦਿਆਂ
ਮੈਂ ਕਈਆਂ ਦਾ ਦਿਲ ਦੁਖਾਇਆ ਹੋਵੇਗਾ
ਅਤੇ ਕਈਆਂ ਤੋਂ ਮੂੰਹ ਲੁਕਾਇਆ ਹੋਵੇਗਾ।
ਬਲਦਿਆਂ ਇਸ ਅੱਗ ਵਿੱਚ,
ਬੜਾ ਸੌਖਾ ਹੁੰਦਾ ਹੈ
ਸਭ ਕੁਝ ਛੱਡ ਦੇਣਾ।
“ਕੋਈ ਨਹੀਂ ਸਮਝਦਾ ਮੈਨੂੰ।”
ਇਹ ਆਖ ਦੇਣਾ।
ਪਰ ਕੀ ਕਦੀ ਖ਼ੁਦ ਤੋਂ ਪੁੱਛ ਕੇ ਵੇਖਿਆ ਤੂੰ
“ਕਿੰਨਾ ਕੁ ਸਮਝਦਾ ਹੈਂ ਖ਼ੁਦ ਨੂੰ?”
ਸ਼ਾਇਦ ਨਹੀਂ!
ਮੇਰੇ ਚਹਿਰੇ ਦਾ ਉੱਡਿਆ ਰੰਗ ਹੀ ਇਸਦਾ ਜਵਾਬ ਹੈ।
ਇਸੇ ਅੱਗ ਵਿੱਚ ਬਲ਼ਦਿਆਂ
ਮੈਂ ਇੱਕ ਹੋਰ ਪਾਪ ਸੀ ਕੀਤਾ
“ਤੁਸੀਂ ਮੇਰੀ ਗੱਲ ਨਹੀਂ ਸਮਝਦੇ।”
ਦਿਲ ਕਰੜਾ ਕਰਦਿਆਂ
ਮੈਂ ਮਾਂ ਨੂੰ ਆਖ ਦਿੱਤਾ।
ਮੈਥੋਂ ਪਹਿਲਾਂ ਉਹ ਜਾਣਦੇ ਸੀ ਮੈਨੂੰ,
ਮੈਥੋਂ ਪਹਿਲਾਂ ਉਹ ਸਮਝਦੇ ਸੀ ਮੈਨੂੰ,
ਮੈਥੋਂ ਪਹਿਲਾਂ ਉਹ ਸੀ ਪਹਿਚਾਣਦੇ ਮੈਨੂੰ,
ਇਹ ਸੁਣ ਕੀ ਮਹਿਸੂਸ ਹੋਇਆ ਹੋਵੇਗਾ ਉਨ੍ਹਾਂ ਨੂੰ?
ਨਹੀਂ ਜਾਣਦਾ!
ਜਾਣਦਾ ਹਾਂ ਤਾਂ ਬੱਸ ਨਫਰਤ ਦੀ ਅੱਗ ਵਿੱਚ ਬਲਣਾ।
ਜਾਣਦਾ ਹਾਂ ਤਾਂ ਬੱਸ ਆਪਣਿਆਂ ਦਾ ਦਿਲ ਦੁਖਾਉਣਾ।
ਜਾਣਦਾ ਹਾਂ ਤਾਂ ਬੱਸ ਉਨ੍ਹਾਂ ਨੂੰ ਰੁਆਉਣਾ॥
Punjabi Poem
ਤੂੰ ਜਦ ਵੀ ਖ਼ੁਦ ਨੂੰ ਫ਼ੋਲੇਂਗੀ
ਬੱਸ ਮੈਂ ਹੀ ਚੇਤੇ ਆਵਾਂਗਾ
ਜਦ ਵੀ ਸ਼ੀਸ਼ਾ ਵੇਖੇਂਗੀ
ਬੱਸ ਮੈਂ ਹੀ ਨਜ਼ਰੀਂ ਆਵਾਂਗਾ
ਤੂੰ ਜਦ ਪਰਤ ਕੇ ਭਾਲੇਂਗੀ
ਮੈਂ ਕਿਧਰੇ ਗੁੰਮ ਹੋ ਜਾਵਾਂਗਾ
ਜਦ ਵੀ ਕਲਮ ਚੁੱਕੇਂਗੀ
ਮੇਰਾ ਖੂਨ ਡੁੱਲ-ਡੁੱਲ ਜਾਵੇਗਾ
ਤੂੰ ਮੁੜ ਮੇਰੇ ਕੋਲ ਆਵੇਂਗੀ
ਮੈਨੂੰ ਮੋਇਆ ਵੇਖ ਘਬਰਾਵੇਂਗੀ
ਤੂੰ ਇੱਕ ਗਲਤੀ ਪਛਤਾਵੇਂਗੀ
ਮੈਂ ਸਭ ਛੱਡ ਚਲਾ ਜਾਵਾਂਗਾ
ਕਾਗ਼ਜ਼ ਦੇ ਕੁਝ ਪੰਨੇ ਭਾਲੀਂ
ਕੁਝ ਸੁਰਖ ਹਰਫ਼ ਮਿਲਣਗੇ (ਉਸ ’ਤੇ)
ਲਹੂ ਮੇਰਾ ਸ਼ਾਇਦ ਲਿਖ ਜਾਵੇ
ਮੇਰੇ ਦਿਲ ਦੀ ਗੱਲ ਕਹਿ ਜਾਵੇ
ਮੇਰੇ ਜਿਉਣ ਦਾ ਮਕਸਦ ਮੁੱਕ ਜਾਵੇ
ਇੱਕ ਹੋਰ ਆਸ਼ਿਕ ਮਰ ਜਾਵੇ
ਬੱਸ ਰੱਖੀਂ ਤੂੰ ਇੱਕ ਗੱਲ ਚੇਤੇ
ਮੈਂ ਮੋਇਆ ਮੁੜ ਨਾ ਆਵਾਂਗਾ
ਤੂੰ ਇੱਕ ਗਲਤੀ ਪਛਤਾਵੇਂਗੀ
ਮੈਂ ਸਭ ਛੱਡ ਚਲਾ ਜਾਵਾਂਗਾ…
Punjabi Poem
ਵਾਹ!
ਹੁਣੇ ਸਾਡੀ ਮੁਲਾਕਾਤ ਹੋਈ;
ਲੱਗਾ ਜਿਵੇਂ ਜਨਮਾਂ ਦੀ ਸਾਂਝ ਹੋਵੇ,
ਲੱਗਾ ਜਿਵੇਂ ਮੈਂ ਉਸਦਾ ਗ਼ੁਲਾਮ ਹੋਵਾਂ,
ਅਜਿਹੀ ਬਣਤਰ ਮੈਂ ਕਦੀ ਨਹੀਂ ਵੇਖੀ।
ਵਾਹ!
ਉਸਦੇ ਤੇਜ ਨਾਲ
ਮੈਂ ਅੱਖਾਂ ਮੀਟਣ ਤੇ ਮਜਬੂਰ।
ਉਸਦੇ ਰੂਪ ਨੂੰ
ਸਦੀਆਂ ਲਈ ਵੇਖ ਸਕਦਾ ਹਾਂ।
ਉਸਦੀਆਂ ਜ਼ੁਲਫਾਂ ਦੀ ਛਾਂ ਵਿਚ
ਮੌਤ ਦਾ ਵੀ ਖ਼ੌਫ ਨਹੀਂ।
ਉਸਦੀ ਸੇਵਾ ਵਿੱਚ ਮੇਰੀ ਜ਼ਿੰਦਗੀ
ਸ਼ਾਇਦ ਕਾਫੀ ਨਹੀਂ।
ਵਾਹ!
ਪਰ ਮੈਂ ਉਸਨੂੰ ਜਾਣਦਾ ਨਹੀਂ।
ਮੈਂ ਜਿਸਨੂੰ ਆਪਣੇ ਦਿਲ ਵਿੱਚ ਚਿੱਤਰਿਆ ਹੈ
ਇਹ ਉਹ ਨਹੀਂ ਹੋ ਸਕਦੀ।
ਇਸਦਾ ਮਿਜਾਜ਼, ਇਸ ਦੀ ਬਣਤਰ ਤਾਂ
ਆਕਰਸ਼ਕ ਨੇ।
ਮੇਰੇ ਖ਼ੁਆਬਾਂ ਦੀ ਰਾਣੀ ਤਾਂ
ਬੇਢੰਗੀ ਜਿਹੀ,
ਖਿਲਰੇ ਜਿਹੇ ਵਾਲਾਂ ਵਾਲੀ,
‘ਕਮਲੀ’ ਜਿਹੀ;
ਇਹ ਮੇਰੀ ਕਵਿਤਾ ਨਹੀਂ ਹੋ ਸਕਦੀ।
ਮੇਰੀ ਕਲਮ ਨੂੰ ਹਾਲੇ ਇਹ ਰੂਪ ਚਿੱਤਰਨਾ ਨਹੀਂ ਆਇਆ।
ਕੌਣ ਹੈਂ ਤੂੰ?
ਕੌਣ?
ਨਹੀਂ ਇਹ ਕੁੜੀ ਮੇਰੀ ਨਹੀਂ ਹੋ ਸਕਦੀ।…
Punjabi Poem
ਗੋਰੇ ਮੁਖੜੇ ‘ਤੇ ਮਾਸੂਮ ਚਹਿਰੇ ਅੰਦਰ,
ਪਲਦਾ ਸੱਪ,
ਮੈਂ ਵੇਖ ਨਾ ਸਕਿਆ।
ਉਨ੍ਹਾਂ ਨਸ਼ੀਲੀਆਂ ਅੱਖਾਂ ‘ਚੋਂ
ਡੁਲ-ਡੁਲ ਪੈਂਦੀ ਸ਼ਰਾਬ
ਕਦ ਜ਼ਹਿਰ ਬਣੀ,
ਮੈਂ ਵੇਖ ਨਾ ਸਕਿਆ।
ਉਹ ਮਲੂਕ ਜਿਹੇ ਜਾਪਦੇ ਦਿਲ ਵਿੱਚ
ਉਪਜੇ ਕਾਲੇ ਮਾਰੂ ਵਿਚਾਰ,
ਮੈਂ ਵੇਖ ਨਾ ਸਕਿਆ।
ਉਹ ਕੋਮਲ ਜਿਹੇ ਹੱਥਾਂ ਨੇ
ਜਦ ਬੇਦਾਵਾ ਲਿਖਿਆ,
ਮੈਂ ਵੇਖ ਨਾ ਸਕਿਆ।
ਉਹ ਦਿਲ ਨੂੰ ਘਾਇਲ ਕਰਨ ਵਾਲੀ
ਮਿੱਠੀ ਆਵਾਜ਼,
ਕਦ ਮੌਤ ਦਾ ਕਾਰਣ ਬਣੀ,
ਮੈਂ ਵੇਖ ਨਾ ਸਕਿਆ।
ਪਰ ਡੰਗ ਕੇ ਵੀ ਮੈਨੂੰ,
ਸੱਪ ਆਪਣੀ ਜ਼ਹਿਰ
ਮੇਰੇ ਅੰਦਰ ਵਸਾ ਨਾ ਸਕਿਆ।
‘ਤੇ ਹੁਣ ਉਹੀ ਗੋਰੇ ਚਹਿਰੇ ‘ਤੇ
ਮਾਸੂਮੀਅਤ ਨਹੀਂ,
ਕਾਲਖ ਪੋਥੀ ਜਾਪਦੀ ਹੈ।
Punjabi Poem
ਸੱਜਣ ਜੀ ਝੂਠ ਬੋਲਣਾ ਤਾਂ ਸਿਖ ਲੈ,
ਫਿਰ ਲਵੀਂ ਸਾਨੂੰ ਭਰਮਾ
ਤੇਰੇ ਪਿਆਰੇ ਝੂਠਾਂ ਨੇ ਹੈ
ਦਿਲ ਮੇਰਾ ਮੋਹ ਲਿਆ।
ਸੱਜਣ ਜੀ ਤੇਰੀਆਂ ਅੱਖੀਆਂ ਵਿੱਚ ਲਿਖਿਆ
ਤੇਰੇ ਦਿਲ ਦਾ ਹਾਲ ਪਿਆ,
ਝੂਠ ਤੇਰਾ ਇਹ ਕਹਿੰਦਾ ਮੁੱਖੜਾ
ਬੜਾ ਪਿਆਰਾ ਲੱਗ ਰਿਹਾ।
ਸੱਜਣ ਜੀ ਤੇਰੇ ਬੋਲਾਂ ਨੇ ਹੈ
ਮੇਰਾ ਦਿਲ ਮੈਥੋਂ ਖੋਅ ਲਿਆ
ਇਹ ਬੇਸੁੱਧ, ਬੇਸਮਝ,
ਬਸ ਤੈਨੂੰ ਵੇਖ ਰਿਹਾ।
ਸੱਜਣ ਜੀ ਝੂਠ ਬੋਲਣਾ ਤਾਂ ਸਿਖ ਲੈ,
ਫਿਰ ਆਖੀਂ ਇੱਕ ਦਿਨ ਆ
ਮੇਰਾ ਨਾਦਾਨ ਦਿਲ ਹੁਣ ਤੇਰੇ
ਕਾਬਿਲ ਨਾ ਰਿਹਾ।
ਸੱਜਣ ਜੀ ਜੇ ਦਿਲ ਮੇਰਾ ਤੇਰੇ
ਲਾਇਕ ਨਾ ਰਿਹਾ
ਫਿਰ ਕਿਉਂ ਇਹ ਬੋਲਣ ਲੱਗਿਆਂ ਤੇਰੇ
ਹੋਠਾਂ ਲਿਆ ਸਾਥ ਛੁੜਾ?
ਸੱਜਣ ਜੀ ਜੇ ਤੂੰ ਯਾਦ ਕਰ ਲਿਆ
ਉਹ ਪਤਝੜ, ਉਹ ਦਰਿਆ,
ਓਸ ਦਿਨ ਤੋਂ ਪਹਿਲਾਂ ਤੂੰ ਖ਼ੁਦ ਨੂੰ
ਝੂਠ ਬੋਲਣਾ ’ਤੇ ਸਿਖਾ॥
Punjabi Poem
ਕੀ ਬੀਤਦੀ ਹੈ ਰੁੱਖ ’ਤੇ
ਜਦ ਸੁੱਕ−ਟੁੱਟ ਕੇ
ਡਿੱਗਦਾ ਹੈ
‘ਪੱਤਾ’
ਉਸਦੀ ਹੀ ਛਾਵੇਂ
ਉਹੋ ਦਰਦ ਹੁੰਦਾ ਹੋਵੇਗਾ
ਉਸਨੂੰ ਵੀ
ਜੋ ਸਮੁੰਦਰ ਨੂੰ
ਜਦ ਅੰਬਰ ਨੂੰ ਗਾਟੀ ਪਾਉਂਦੀ
‘ਲਹਿਰ’
ਮੁੱਧੇ−ਮੂੰਹ ਗਿਰਦੀ ਹੈ
ਉਸਦੇ ਹੀ ਸੀਨੇ ’ਤੇ
Recent Comments