ਸ਼ਿਵ ਕੁਮਾਰ ਬਟਾਲਵੀ ਕਵਿਤਾ–ਜਿੱਥੇ ਇਤਰਾਂ ਦੇ ਵਗਦੇ ਨੇ ਚੋ

ਜਿੱਥੇ ਇਤਰਾਂ ਦੇ ਵਗਦੇ ਨੇ ਚੋ,

ਨੀ ਓਥੇ ਮੇਰਾ ਯਾਰ ਵੱਸਦਾ ।

ਜਿੱਥੇ ਲੰਘਦੀ ਏ ਪੌਣ ਵੀ ਖਲੋ,

ਨੀ ਓਥੇ ਮੇਰਾ ਯਾਰ ਵੱਸਦਾ ।

 

ਨੰਗੇ ਨੰਗੇ ਪੈਰੀਂ ਜਿਥੇ ਆਉਣ ਪਰਭਾਤਾਂ,

ਰਿਸ਼ਮਾਂ ਦੀ ਮਹਿੰਦੀ ਪੈਰੀਂ ਲਾਉਣ ਜਿਥੇ ਰਾਤਾਂ,

ਜਿਥੇ ਚਾਨਣੀ ‘ਚ ਨ੍ਹਾਵੇ ਖੁਸ਼ਬੋ,

ਨੀ ਓਥੇ ਮੇਰਾ ਯਾਰ ਵੱਸਦਾ ।

 

ਜਿਥੇ ਹਨ ਮੂੰਗੀਆ  ਚੰਦਨ ਦੀਆਂ ਝੰਗੀਆਂ,

ਫਿਰਨ ਸ਼ੁਆਵਾਂ ਜਿਥੇ ਹੋ ਹੋ ਨੰਗੀਆਂ,

ਜਿਥੇ ਦੀਵਿਆਂ ਨੂੰ ਲੱਭਦੀ ਏ ਲੋ,

ਨੀ ਓਥੇ ਮੇਰਾ ਯਾਰ ਵੱਸਦਾ ।

 

ਪਾਣੀ ਦੇ ਪੱਟਾਂ ਉੱਤੇ ਸਵੇਂ ਜਿਥੇ ਆਥਣ,

ਚੁੰਗੀਆਂ ਮਰੀਵੇ ਜਿਥੇ ਮਿਰਗਾਂ ਦਾ ਆਤਣ,

ਜਿਥੇ ਬਦੋ ਬਦੀ ਅੱਖ ਪੈਂਦੀ ਰੋ,

ਨੀ ਓਥੇ ਮੇਰਾ ਯਾਰ ਵੱਸਦਾ ।

 

ਭੁੱਖੇ-ਭਾਣੇ ਸੌਣ ਜਿੱਥੇ ਖੇਤਾਂ ਦੇ ਰਾਣੇ,

ਸੱਜਣਾਂ ਦੇ ਰੰਗ ਜੇਹੇ ਕਣਕਾਂ ਦੇ ਦਾਣੇ,

ਜਿੱਥੇ ਦੱਮਾਂ ਵਾਲੇ ਲੈਂਦੇ ਨੇ ਲੁਕੋ,

ਨੀ ਓਥੇ ਮੇਰਾ ਯਾਰ ਵੱਸਦਾ ।

 

ਜਿੱਥੇ ਇਤਰਾਂ ਦੇ ਵਗਦੇ ਨੇ ਚੋ,

ਨੀ ਓਥੇ ਮੇਰਾ ਯਾਰ ਵੱਸਦਾ ।

ਜਿੱਥੋਂ ਲੰਘਦੀ ਏ ਪੌਣ ਵੀ ਖਲੋ,

ਨੀ ਓਥੇ ਮੇਰਾ ਯਾਰ ਵੱਸਦਾ ।

Comments

comments

Leave a Reply

badge