ਸ਼ਿਵ ਕੁਮਾਰ ਬਟਾਲਵੀ–ਸ਼ਿਕਰਾ

ਮਾਏ ! ਨੀ ਮਾਏ !

ਮੈਂ ਇਕ ਸ਼ਿਕਰਾ ਯਾਰ ਬਣਾਇਆ

ਉਹਦੇ ਸਿਰ ਤੇ ਕਲਗੀ

ਤੇ ਉਹਦੇ ਪੈਰੀਂ ਝਾਂਜਰ

ਤੇ ਉਹ ਚੋਗ ਚੁਗੀਂਦਾ ਆਇਆ

ਨੀ ਮੈਂ ਵਾਰੀ ਜਾਂ !

 

ਇਕ ਉਹਦੇ ਰੂਪ ਦੀ

ਧੁੱਪ ਤਿਖੇਰੀ

ਦੂਜਾ ਮਹਿਕਾਂ ਦਾ ਤਿਰਹਾਇਆ

ਤੀਜਾ ਉਹਦਾ ਰੰਗ ਗੁਲਾਬੀ

ਕਿਸੇ ਗੋਰੀ ਮਾਂ ਦਾ ਜਾਇਆ

ਨੀ ਮੈਂ ਵਾਰੀ ਜਾਂ !

 

ਨੈਣੀਂ ਉਹਦੇ,

ਚੇਤ ਦੀ ਆਥਣ

ਅਤੇ ਜੁਲਫੀਂ ਸਾਵਣ ਛਾਇਆ

ਹੋਠਾਂ ਦੇ ਵਿਚ ਕੱਤੇਂ ਦਾ

ਕੋਈ ਦਿਹੁੰ ਚੜ੍ਹਣੇ ਤੇ ਆਇਆ

ਨੀ ਮੈਂ ਵਾਰੀ ਜਾਂ !

 

ਸਾਹਵਾਂ ਦੇ ਵਿਚ

ਫੁੱਲ ਸੋਇਆਂ ਦੇ

ਕਿਸੇ ਬਾਗ ਚਾਨਣ ਦਾ ਲਾਇਆ

ਦੇਹੀਂ ਦੇ ਵਿਚ ਖੇਡੇ ਚੇਤਰ

ਇਤਰਾਂ ਨਾਲ ਨੁਹਾਇਆ

ਨੀ ਮੈਂ ਵਾਰੀ ਜਾਂ !

 

ਬੋਲਾਂ ਦੇ ਵਿਚ

ਪੌਣ ਪੁਰੇ ਦੀ

ਨੀ ਉਹ ਕੋਇਲਾਂ ਦਾ ਹਮਸਾਇਆ

ਚਿੱਟੇ ਦੰਦ ਜਿਉਂ ਧਾਨੋਂ ਬਗ਼ਲਾ

ਤੌੜੀ ਮਾਰ ਉਡਾਇਆ

ਨੀ ਮੈਂ ਵਾਰੀ ਜਾਂ !

 

ਇਸ਼ਕੇ ਦਾ,

ਇਕ ਪਲੰਘ ਨੁਆਰੀ

ਅਸਾਂ ਚਾਨਣੀਆਂ ਵਿਚ ਡਾਹਿਆ

ਤਨ ਦੀ ਚਾਦਰ ਹੋ ਗਈ ਮੈਲੀ

ਉਸ ਪੈਰ ਜਾਂ ਪਲੰਘੇ ਪਾਇਆ

ਨੀ ਮੈਂ ਵਾਰੀ ਜਾਂ !

 

ਦੁਖਣ ਮੇਰੇ,

ਨੈਣਾਂ ਦੇ ਕੋਏ

ਵਿਚ ਹੜ੍ਹ ਹੰਝੂਆਂ ਦਾ ਆਇਆ

ਸਾਰੀ ਰਾਤ ਗਈ ਵਿਚ ਸੋਚਾਂ

ਉਸ ਇਹ ਕੀਹ ਜੁਲਮ ਕਮਾਇਆ

ਨੀ ਮੈਂ ਵਾਰੀ ਜਾਂ !

 

ਸੁਬ੍ਹਾ-ਸਵੇਰੇ

ਲੈ ਨੀ ਵਟਣਾ

ਅਸਾਂ ਮਲ ਮਲ ਓਸ ਨੁਹਾਇਆ

ਦੇਹੀ ਵਿਚੋਂ ਨਿਕਲਣ ਚਿਣਗਾਂ

ਤੇ ਸਾਡਾ ਹੱਥ ਗਿਆ ਕੁਮਲਾਇਆ

ਨੀ ਮੈਂ ਵਾਰੀ ਜਾਂ !

 

ਚੂਰੀ ਕੁੱਟਾਂ,

ਤੇ ਉਹ ਖਾਂਦਾ ਨਾਹੀਂ

ਉਹਨੂੰ ਦਿਲ ਦਾ ਮਾਸ ਖਵਾਇਆ

ਇਕ ਉਡਾਰੀ ਐਸੀ ਮਾਰੀ

ਉਹ ਮੁੜ ਵਤਨੀਂ ਨਹੀਂ ਆਇਆ

ਨੀ ਮੈਂ ਵਾਰੀ ਜਾਂ !

 

ਮਾਏ ! ਨੀ ਮਾਏ !

ਮੈਂ ਇਕ ਸ਼ਿਕਰਾ ਯਾਰ ਬਣਾਇਆ

ਉਹਦੇ ਸਿਰ ਤੇ ਕਲਗੀ

ਤੇ ਉਹਦੇ ਪੈਰੀਂ ਝਾਂਜਰ

ਤੇ ਚੋਗ ਚੁਗੀਂਦਾ ਆਇਆ

ਨੀ ਮੈਂ ਵਾਰੀ ਜਾਂ !

Comments

comments

Leave a Reply

badge